ਅਕਾਲੀਆਂ ਵੱਲੋਂ ਵਿਰੋਧੀਆਂ ਦੀ 'ਗਿੱਚੀ ਫੜਨ' ਦੀ ਧਮਕੀ!
ਗੁਰਦਾਸਪਰ: ਜਿਹੜੇ ਵੀ ਅਕਾਲੀ ਦਲ ਦਾ ਵਿਰੋਧ ਕਰਨ ਆਉਂਦੇ ਹਨ,ਉਨ੍ਹਾਂ ਦੀ ਗਿੱਚੀ ਫੜ ਲਓ। ਅਕਾਲੀ ਦਲ ਦੇ ਵਰਕਰਾਂ ਨੂੰ ਇਹ ਰਾਇ ਕੋਈ ਸਥਾਨਕ ਆਗੂ ਨਹੀਂ ਬਲਕਿ ਪੰਜਾਬ ਦੇ ਸੀਪੀਐਸ ਗੁਰਬਚਨ ਸਿੰਘ ਬੱਬੇਹਾਲੀ ਗੁਰਦਾਸਪੁਰ ਦੀ ਸਦਭਾਵਨਾ ਰੈਲੀ ‘ਚ ਦੇ ਰਹੇ ਹਨ। ਬੱਬੇਹਾਲੀ ਉਹੀ ਸੀਪੀਐਸ ਹਨ ਜਿਨ੍ਹਾਂ ਨੇ ਅਹੁਦਾ ਸੰਭਾਲਣ ਮੌਕੇ ਸੰਵਿਧਾਨ ਦੀ ਸਹੁੰ ਚੁੱਕ ਕੇ ਕੋਈ ਲਾ-ਕਨੂੰਨੀ ਨਾ ਕਰਨ ਦੀ ਗੱਲ ਕਹੀ ਸੀ ਪਰ ਹੁਣ ਉਹ ਜਮਹੂਰੀ ਹੱਕ ਦੀ ਵਰਤੋਂ ਕਰਕੇ ਵਿਰੋਧ ਕਰਨ ਵਾਲੇ ਲੋਕਾਂ ‘ਤੇ ਕਾਨੂੰਨੀ ਕਾਰਵਾਈ ਦੀ ਥਾਂ ਗਿੱਚੀ ਫੜਨ ਦੀ ਗੱਲ ਕਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕ ਅਕਾਲੀ ਦਲ ਦਾ ਵਿਰੋਧ ਕਰਨ ਤੇ ਅਕਾਲੀ ਚੁੱਪ ਰਹੇ ਇਹ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਕੁਝ ਲੋਕ ਭੜਕਾਊ ਭਾਸ਼ਨ ਕਰਕੇ ਉਨ੍ਹਾਂ ਦਾ ਪਿੰਡ ‘ਚ ਘਿਰਾਓ ਕਰਨ ਆਏ ਤੇ ਅਕਾਲੀ ਸਮਰੱਥਕਾਂ ਨੇ ਉਨ੍ਹਾਂ ਨੂੰ ਡਾਂਗਾਂ ਮਾਰ ਮਾਰ ਕੇ ਭਜਾਇਆ। ਉਨ੍ਹਾਂ ਕਿਹਾ ਕਿ ਸਾਰੇ ਅਕਾਲੀ ਵਿਰੋਧੀਆਂ ਦਾ ਡਾਂਗਾਂ ਨਾਲ ਜਵਾਬ ਦੇਣ।
ਬੱਬੇਹਾਲੀ ਨੇ ਕਿਹਾ ਕਿ ਕੁਝ ਲੋਕ ਪੰਜਾਬ ‘ਚ ਮੁੜ ਖਾਲਿਸਤਾਨ ਸੁਰਜੀਤ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਇਹ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਸ ਸਮੇਂ ਬਹੁਤ ਵੱਡਾ ਸੰਤਾਪ ਭੋਗਿਆ ਸੀ ਤੇ ਲੋਕ ਹੁਣ ਉਹ ਦਿਨ ਮੁੜ ਨਹੀਂ ਦੇਖਣਾ ਚਾਹੰਦੇ।
ਜ਼ਿਕਰਯੋਗ ਹੈ ਕਿ ਬੱਬੇਹਾਲੀ ਦਾ ਗੁਰਦਾਸਪੁਰ ‘ਚ ਕਿਸਾਨ ਜਥੇਬੰਦੀਆਂ ਨੇ ਵੀ ਸਖ਼ਤ ਵਿਰੋਧ ਕੀਤਾ ਸੀ ਤੇ ਉਨ੍ਹਾਂ ਦੇ ਆਉਣ ਦੇ ਪਹਿਲਾਂ ਹੀ ਮੰਚ ਤੋੜ ਦਿੱਤਾ ਗਿਆ ਸੀ। ਇਸੇ ਤਰ੍ਹਾਂ ਹੀ ਪੰਥਕ ਧਿਰਾਂ ਵੀ ਉਨ੍ਹਾਂ ਦਾ ਵਿਰੋਧ ਕਰਦੀਆਂ ਰਹੀਆਂ ਹਨ।