ਮੈਂ ਨਸ਼ੇ ਤੋਂ ਦੂਰ ਰਹਿਣਾ ਚਾਹੁੰਦੀ ਸੀ। ਚੰਡੀਗੜ੍ਹ 'ਚ ਨੌਕਰੀ ਦੌਰਾਨ ਤਣਾਅ 'ਚ ਰਹਿਣ ਲੱਗ ਪਈ। ਵੱਡੇ ਘਰ ਦੀ ਲੜਕੀ ਨੇ ਮੈਨੂੰ ਨਸ਼ੇ ਦੀ ਡੋਜ਼ ਦਿਖਾ ਕੇ ਕਿਹਾ ਕਿ ਇਸ ਨਾਲ ਸਾਰੀਆਂ ਚਿੰਤਾਵਾਂ ਦਾ ਅੰਤ ਹੋ ਜਾਵੇਗਾ। ਨਸ਼ੇ ਦੀ ਡੋਜ਼ ਸਰੀਰ 'ਚ ਉਤਰਦੇ ਸਾਰ ਹੀ ਦਿਮਾਗ ਸੁੰਨ ਹੋ ਗਿਆ। ਇਕ ਡੋਜ਼ ਨੇ ਮੈਨੂੰ ਨਸ਼ੇ ਦੀ ਆਦੀ ਬਣਾ ਦਿੱਤਾ।' ਇਹ ਗੱਲ ਸਾਂਝੀ ਕੀਤੀ ਜ਼ੰਜੀਰਾਂ 'ਚ ਜਕੜੀ 24 ਸਾਲਾ ਲੜਕੀ ਨੇ। ਮੰਗਲਵਾਰ ਨੂੰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਰਣਜੀਤ ਐਵੇਨਿਊ 'ਚ ਉਕਤ ਲੜਕੀ ਦੇ ਘਰ ਪਹੁੰਚੇ। ਜ਼ੰਜੀਰ ਨਾਲ ਬੰਨ੍ਹੀ ਲੜਕੀ ਨੂੰ ਦੇਖ ਕੇ ਔਜਲਾ ਹੈਰਾਨ-ਪਰੇਸ਼ਾਨ ਹੋ ਗਏ। ਬੈੱਡ 'ਤੇ ਬੈਠੀ ਔਰਤ ਦਾ ਇਕ ਪੈਰ ਜ਼ੰਜੀਰ ਨਾਲ ਬੰਨਿ੍ਹਆ ਹੋਇਆ ਸੀ। ਉਸ ਕੋਲ ਬੈਠੀ ਉਸ ਦੀ ਮਾਂ ਦੇ ਚਿਹਰੇ 'ਤੇ ਬੇਵਸੀ ਸਾਫ ਝਲਕ ਰਹੀ ਸੀ ਤੇ ਅੱਖਾਂ 'ਚ ਹੰਝੂ ਸਨ। ਮਾਂ ਨੇ ਕਿਹਾ,''ਸਾਹਿਬ! ਜੇ ਇਸ ਨੂੰ ਖੋਲ੍ਹ ਦਿੱਤਾ ਤਾਂ ਇਹ ਭੱਜ ਜਾਵੇਗੀ, ਫਿਰ ਨਸ਼ਾ ਕਰ ਕੇ ਆਵੇਗੀ। ਚੰਡੀਗੜ੍ਹ 'ਚ ਬਿਊਟੀ ਪਾਰਲਰ 'ਚ ਕੰਮ ਕਰਦੀ ਸੀ। ਚੰਗੀ ਤਨਖਾਹ ਸੀ, ਹਮੇਸ਼ਾ ਖੁਸ਼ ਰਹਿਣ ਵਾਲੀ ਮੇਰੀ ਬੱਚੀ ਦੇ ਚਿਹਰੇ 'ਤੇ ਹੁਣ ਸਿਰਫ ਉਦਾਸੀ ਹੈ। ਬਿਊਟੀ ਪਾਰਲਰ 'ਚ ਕਈ ਲੜਕੀਆਂ ਕੰਮ ਸਿੱਖਦੀਆਂ ਸਨ। ਕੁਝ ਵੱਡੇ ਘਰਾਂ ਦੀਆਂ ਲੜਕੀਆਂ ਵੀ ਕੰਮ ਸਿੱਖਣ ਆਉਂਦੀਆਂ ਸਨ। ਇਨ੍ਹਾਂ 'ਚੋਂ ਹੀ ਕਿਸੇ ਨੇ ਉਸ ਨੂੰ ਨਸ਼ੇ ਦਾ ਆਦੀ ਬਣਾ ਦਿੱਤਾ। ਹੌਲੀ-ਹੌਲੀ ਨਸ਼ਾ ਵਧਦਾ ਗਿਆ ਤੇ ਉਸ ਨੇ ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ। ਜਦ ਉਹ ਇਕ ਵਾਰ ਘਰੋਂ ਚਲੀ ਜਾਂਦੀ ਸੀ ਤਾਂ ਨਸ਼ਾ ਕਰ ਕੇ ਪਰਤਦੀ ਸੀ।'' ਤੁਸੀਂ ਦੱਸੋ ਜੇਕਰ ਇਸ ਨੂੰ ਜ਼ੰਜੀਰਾਂ 'ਚ ਨਾ ਬੰਨ੍ਹਾਂ ਤਾਂ ਕੀ ਕਰਾਂ।''