ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਬਲਿਦਾਨੀ ਊਧਮ ਸਿੰਘ ਨੂੰ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕੀਤੀ। ਪਿਛਲੇ ਦਿਨੀਂ ਸ਼ਹੀਦ ਭਗਤ ਸਿੰਘ 'ਤੇ ਗੰਭੀਰ ਟਿੱਪਣੀ ਕਰਨ ਵਾਲੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ 'ਤੇ ਤਨਜ਼ ਕੱਸਦਿਆਂ ਕਿਹਾ ਕਿ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਸ਼ਹਾਦਤ ਦਾ ਸਰਟੀਫਿਕੇਟ ਕਿਸੇ ਤੋਂ ਲੈਣ ਦੀ ਲੋੜ ਨਹੀਂ । ਅਜਿਹੇ ਲੋਕ ਦੇਸ਼ ਪ੍ਰਤੀ ਵਫ਼ਾਦਾਰ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਨਾਂ ਹੀ ਕਾਫੀ ਹੈ। ਸ਼ਹੀਦ ਭਗਤ ਸਿੰਘ ਦਾ ਨਾਂ ਲੈਂਦਿਆਂ ਹੀ ਖ਼ੂਨ ਉਬਾਲੇ ਮਾਰਨ ਲੱਗ ਪੈਂਦਾ ਹੈ। ਕੁਝ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸ਼ਹੀਦ ਭਗਤ ਸਿੰਘ 'ਤੇ ਸਵਾਲ ਉਠਾ ਰਹੇ ਹਨ। ਦੇਸ਼ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰ ਸਕਦਾ।