ਫ਼ਤਹਿਗੜ੍ਹ ਸਾਹਿਬ : ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਜੀ.ਟੀ. ਰੋਡ ਤੇ ਚਾਵਲਾ ਚੌਂਕ ਨੇੜੇ ਇੱਕ ਸੜਕ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਜਾਣ ਅਤੇ 02 ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ । ਥਾਣਾ ਸਰਹਿੰਦ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੁਗਨੂੰ ਰਾਜਭਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਨਾਲ ਉਸ ਦੇ ਤਾਏ ਦਾ ਲੜਕਾ ਸੰਦੀਪ ਕੁਮਾਰ, ਪ੍ਰਦੀਪ, ਕੰਪਨੀ ਵਿੱਚ ਲੇਬਰ ਦਾ ਕੰਮ ਕਰਦੇ ਹਨ। ਉਹ ਬੀਤੇ ਦਿਨ ਉਸ ਦੇ ਪਿੰਡ ਤੋਂ ਕੰਮ ਕਰਨ ਲਈ ਆਏ ਚੰਦਰ ਸ਼ੇਖਰ , ਰਸੀਦਪੁਰ ਤੇ ਦੂਰ ਦੇ ਰਿਸ਼ਤੇਦਾਰ ਲੁੱਟਨ ਰਾਜ ਭਾਰ ਨੂੰ ਵੀ ਸਰਹਿੰਦ ਬੁਲਾ ਲਿਆ ਸੀ। ਟਰੇਨ ਰਾਹੀਂ ਸ਼ਾਮ ਨੂੰ ਸਰਹਿੰਦ ਪੁੱਜ ਗਏ। ਉਹਨਾਂ ਦੋਵਾਂ ਨੂੰ ਲੈਣ ਲਈ ਸੰਦੀਪ, ਪ੍ਰਦੀਪ ਤੇ ਉਹ ਤਿੰਨੇ ਰੇਲਵੇ ਸਟੇਸ਼ਨ ਸਰਹਿੰਦ ਵਿਖੇ ਗਏ ਸੀ। ਜਦੋਂ ਉਹ ਚਾਵਲਾ ਚੌਂਕ ਸਰਹਿੰਦ ਤੋਂ ਥੋੜਾ ਅੱਗੇ ਸਰਵਿਸ ਰੋਡ ਪਰ ਪੁੱਜੇ ਤਾਂ ਉਹਨਾਂ ਦੇ ਪਿੱਛੇ ਸਰਹਿੰਦ ਵੱਲੋਂ ਆ ਰਹੇ ਇੱਕ ਤੇਲ ਵਾਲੇ ਟੈਂਕਰ ਨੇ ਸੜਕ ਕਿਨਾਰੇ ਜਾ ਰਹੇ ਚਾਰਾਂ ਉੱਪਰ ਟੈਂਕਰ ਚੜਾ ਦਿੱਤਾ। ਜਿਸ ਨਾਲ ਚਾਰਾਂ ਵਿਅਕਤੀਆਂ ਦੇ ਸੱਟਾਂ ਲੱਗੀਆਂ ਅਤੇ ਇਹਨਾਂ ਵਿੱਚੋਂ ਲੂਟਨ ਦੀ ਮੌਕੇ ਤੇ ਹੀ ਮੌਤ ਹੋ ਗਈ।